ਗ਼ਮ ਬਾਤ ਪਾਉਂਦੇ ਨੇ ਹੁੰਗਾਰਾ ਭਰ ਨਹੀ ਹੁੰਦਾ
ਤੇ ਖ਼ਾਮੋਸ਼ੀ ਦਾ ਆਲਮ ਵੀ ਮੇਰੇ ਤੋਂ ਜਰ ਨਹੀ ਹੁੰਦਾ
ਦਵਾ ਦਾਰੂ ਹੀ ਹੋ ਜਾਂਦਾ ਕਿਤੇ ਕੋਈ ਜ਼ਖਮ ਦਿਸਦਾ ਜੇ,
ਹਿਜਰ ਦੀ ਪੀੜ ਦਾ ਚਾਰਾ ਕੋਈ ਵੀ ਕਰ ਨਹੀ ਹੁੰਦਾ
ਰਿਸੇਗਾ ਉਮਰ ਭਰ ਲਗਦੈ ਹਮੇਸ਼ਾ ਦਰਦ ਦੇਵੇਗਾ ,
ਹੈ ਏਨਾ ਜ਼ਖਮ ਇਹ ਗਹਿਰਾ ਸਮੇਂ ਤੋਂ ਭਰ ਨਹੀ ਹੁੰਦਾ
ਤੇਰੇ ਤੇ ਰੋਸ ਹੈ ਕਾਹਦਾ ਕਮੀ ਮੇਰੇ 'ਚ ਹੋਵੇਗੀ ,
ਪਿਆਰ ਦਾ ਹੱਥ ਮੋਢੇ ਤੇ ਜੇ ਤੈਥੋਂ ਤੋਂ ਧਰ ਨਹੀ ਹੁੰਦਾ
ਬੜਾ ਹੀ ਦੁੱਖ ਦੇਵੇ ਸੁਫ਼ਨਿਆਂ ਦਾ ਬਿਖਰ ਜਾਣਾ ਪਰ ,
ਸਹਾਰੇ ਸੁਫ਼ਨਿਆਂ ਦੇ ਵੀ ਇਹ ਭਵਜਲ ਤਰ ਨਹੀ ਹੁੰਦਾ
ਨਾ ਰੱਖੀਂ ਭੁੱਲ ਕੇ ਦਿਲ ਵਿਚ ਤੂੰ ਐਵੇਂ ਹੀ ਗਿਲੇ ਸ਼ਿਕਵੇ ,
ਮਨਾਂ ਵਿਚਲਾ ਕਦੇ ਪਾੜਾ ਕਿਸੇ ਤੋਂ ਭਰ ਨਹੀ ਹੁੰਦਾ
ਖੜ੍ਹੀ ਨਾ ਕਰ ਕਟਿਹਰੇ ਵਿਚ ਤੇਰੀ ਮੁਜਰਿਮ ਨਹੀ ਹਾਂ ਮੈਂ ,
ਨਾ ਸੂਲੀ ਚਾੜ੍ਹ ਇੰਜ ਮੈਨੂੰ ਮੇਰੇ ਤੋਂ ਮਰ ਨਹੀ ਹੁੰਦਾ
ਨਾ ਬਣ ਕਮਜ਼ੋਰ ਕਰ ਹਿੰਮਤ ਉਡਾਰੀ ਮਾਰਨੀ ਸਿੱਖ ਲੈ,
ਤੂੰ ਸੋਚੀਂ ਨਾ ਪਰਾਂ ਦੇ ਬਿਨ ਇਹ ਅੰਬਰ ਸਰ ਨਹੀ ਹੁੰਦਾ
(-ਬਲਜੀਤ ਸੈਨੀ)
bohat hi khoobsurt rchna g... wah
ReplyDelete