ਸੱਚ ਕਹਿ ਨੀਲ ਪੁਆਵਾਂ ਮੈਂ
ਅੱਜ ਅਜੋਕੇ ਰਹਿਬਰਾਂ ਤਾਈਂ ਜੀ ਕਰਦੈ ਸਮਝਾਵਾਂ ਮੈਂ
ਗਲ ਬਿੱਲੀ ਦੇ ਟੱਲੀ ਜਾ ਕੇ , ਜੀ ਕਰਦੈ ਬੰਨ੍ਹ ਆਵਾਂ ਮੈਂ।
ਕਿੰਨਿਆਂ ਮੈਥੋਂ ਪਹਿਲਾਂ ਵੀ ਇਹ ਸੁਣਿਆਂ ਹੈ ਝਖ ਮਾਰੀ ਹੈ,
ਪਰ ਮੇਰਾ ਤਾਂ ਵੀ ਜੀ ਕਰਦੈ ਸੱਚ ਕਹਿ ਨੀਲ ਪੁਆਵਾਂ ਮੈਂ।
ਆਪਣੀ ਮਾਂ ਨੂੰ ਤਾਂ ਪੂੰਜੀ ਦੀ 'ਸੇਜ ' ਤੇ ਲੰਮਿਆਂ ਪਾਓ ਨਾ,
ਐ ਕੁ-ਪੁੱਤਰੋ ਹੋਸ਼ ਕਰੋ, ਇਹ ਕੋਠੇ ਚੜ੍ਹ ਕੁਰਲਾਵਾਂ ਮੈ।
ਲੋਕ ਲਾਜ ਬਿਨ ਲੋਕ ਰਾਜ ਨਾ ਚੱਲਿਆ ਨਾ ਚੱਲ ਸਕਣਾ ਹੈ,
ਕਿਹੜਾ ਸੁਨਣੇ ਵਾਲਾ ਏਥੇ, ਕਿਸ ਨੂੰ ਇਹ ਸਮਝਾਵਾਂ ਮੈਂ।
ਭੋਰ ਭੋਰ ਕੇ ਭੋਰ ਭੋਰ ਕੇ ਜਿਸਨੂੰ ਖਾਧੀ ਜਾਂਦੇ ਹੋ,
ਓਹ ਥੌਡੇ ਪੈਰਾਂ ਦੀ ਧਰਤੀ, ਥੋਡੇ ਸਿਰ ਦੀਆਂ ਛਾਵਾਂ ਮੈਂ।
ਜਿਹੜੇ ਟਾਹਣੇ ਬੈਠੇ ਹੋ ਓਸੇ ਨੂੰ ਚੀਰੀ ਜਾਂਦੇ ਹੋ,
ਬੱਲੇ ਅਕਲਾਂ ਵਾਲਿਓ ਅੰਨ੍ਹਿਓਂ, ਥੋਡੇ ਸਦਕੇ ਜਾਵਾਂ ਮੈਂ
ਅੱਖੋਂ ਅੰਨ੍ਹੇ ਹੁੰਦੇ ਤਾਂ ਮੈ ਹੱਥ ਡੰਗੋਰੀ ਦੇ ਦੇਂਦਾ,
ਤੁਸੀਂ ਸੁਆਰਥ ਹੱਥੋਂ ਅੰਨ੍ਹੇ, ਕਿਹੜਾ "ਦੀਪ" ਜਗਾਵਾਂ ਮੈਂ।
ਰਾਅ-ਤੋਤੇ ਮੱਲ ਕੁਰਸੀਆਂ ਬੈਠੇ, "ਡਾਲਰ-ਬੋਲੀ" ਬੋਲਦੇ ਨੇ,
ਰੋਲ ਰੁਪਈਆ ਪੈਰੀਂ ਦਿੱਤਾ ਹਾਲ ਦੁਹਾਈਆਂ ਪਾਵਾਂ ਮੈਂ।
ਸਰਕਾਰੀ(?)ਅਮਰੀਕਾ ਛੱਡਿਆ, ਨਵੀਆਂ (?) ਕਰਦਾ ਫਿਰਦਾ ਹੈ,
ਏਸ ਦੇ ਨਾਸੀਂ ਮੈਂ ਨੱਥ ਪਾਵਾਂ,ਪਾਂਵਾਂ ਤਾਂ ਕਿੰਜ ਪਾਵਾਂ ਮੈਂ।
ਮੇਰੇ ਧੀਆਂ-ਪੁੱਤਰਾਂ ਨੂੰ ਤਾਂ ਮਸਾਂ ਹੀ ਪੌਲੀ ਲੱਭਦੀ ਹੈ,
ਬਾਕੀ ਮਾਇਆ ਦਾ ਕੀ ਹੁੰਦੈ, ਜੋ ਹੁੰਦੈ ਮਰ ਜਾਵਾਂ ਮੈ।
ਐ ਲੋਕੋ! ਮੇਰੇ ਦੁੱਖ ਤਾਈਂ ਰਤਾ ਤੁਸੀਂ ਮਹਿਸੂਸ ਕਰੋ,
ਮੈਂ ਭਾਰਤ ਹਾਂ ਡੋਲਦਾ ਫਿਰਦਾ,ਮੈਂ ਭਾਰਤ ਬਿਨ ਛਾਵਾਂ ਮੈਂ।
--
deepzirvi9815524600
http://deepkavyanjli.blogspot.com
http://dztk.blogspot.com
No comments:
Post a Comment